ਅੰਮ੍ਰਿਤਸਰ ਏਅਰਪੋਰਟ ‘ਤੇ ਹੁਣ ਫਾਸਟ ਟ੍ਰੈਕ ਇਮੀਗ੍ਰੇਸ਼ਨ ਈ-ਗੇਟ ਸੇਵਾ ਹੋਈ ਸ਼ੁਰੂ
ਅੰਮ੍ਰਿਤਸਰ ਏਅਰਪੋਰਟ ‘ਤੇ ਹੁਣ ਫਾਸਟ ਟ੍ਰੈਕ ਇਮੀਗ੍ਰੇਸ਼ਨ ਈ-ਗੇਟ ਸੇਵਾ ਹੋਈ ਸ਼ੁਰੂ
ਅੰਮ੍ਰਿਤਸਰ, 16 ਸਤੰਬਰ 2025: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਯਾਤਰੀ ਹੁਣ ਇਮੀਗ੍ਰੇਸ਼ਨ ਲਈ ਲੰਬੀਆਂ ਲਾਈਨਾਂ ਤੋਂ ਬਚ ਸਕਣਗੇ। ਹਵਾਈ ਅੱਡੇ ‘ਤੇ ਫਾਸਟ ਟ੍ਰੈਕ ਇਮੀਗ੍ਰੇਸ਼ਨ / ਟਰੱਸਟਡ ਟ੍ਰੈਵਲਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸ ਦੇ ਤਹਿਤ ਹਵਾਈ ਅੱਡੇ ‘ਤੇ ਹੁਣ ਅੱਠ ਆਟੋਮੈਟਿਡ ਈ-ਗੇਟ ਚਾਰ ਆਗਮਨ ਲਈ ਅਤੇ ਚਾਰ ਰਵਾਨਗੀ ਲਈ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਯਾਤਰੀ ਸਿਰਫ ਕੁਝ ਸਕਿੰਟਾਂ ‘ਚ ਬਾਇਓਮੈਟਰਿਕ ਤਸਦੀਕ ਨਾਲ ਇਮੀਗ੍ਰੇਸ਼ਨ ਕਲੀਅਰ ਕਰ ਸਕਣਗੇ।ਇਸ ਨਵੀਂ ਸਹੂਲਤ ਦਾ ਸਵਾਗਤ ਕਰਦੇ ਹੋਏ, ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ, “ਅੰਮ੍ਰਿਤਸਰ ਲਈ ਇਹ ਇਕ ਇਤਿਹਾਸਕ ਕਦਮ ਹੈ। ਇਸ ਨਾਲ ਅੰਤਰਰਾਸ਼ਟਰੀ ਯਾਤਰੀਆਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਹੋਰ ਤੇਜ਼, ਸੁਚਾਰੂ, ਆਸਾਨ ਅਤੇ ਬਿਨਾਂ ਤਣਾਅ ਵਾਲੀ ਹੋਵੇਗੀ। ਇਸ ਰਾਹੀਂ ਯਾਤਰੀਆਂ ਨੂੰ ਇਮੀਗ੍ਰੇਸ਼ਨ ਕਾਊਂਟਰਾਂ ‘ਤੇ ਖੜ੍ਹਾ ਨਹੀਂ ਹੋਣਾ ਪਵੇਗਾ ਅਤੇ ਬਿਨਾਂ ਬੇਵਜ੍ਹਾ ਸਵਾਲਾਂ ਤੋਂ ਬਚਦੇ ਹੋਏ ਕਰੀਬ ਇੱਕ ਘੰਟਾ ਸਮਾਂ ਬਚਾਇਆ ਜਾ ਸਕੇਗਾ। ਦੋਹਾ, ਦੁਬਈ, ਸ਼ਾਰਜਾਹ, ਮਿਲਾਨ, ਕੁਆਲਾਲੰਪੁਰ, ਸਿੰਗਾਪੁਰ, ਬੈਂਕਾਕ, ਲੰਡਨ ਅਤੇ ਬਰਮਿੰਘਮ ਵਰਗੇ ਸਥਾਨਾਂ ਲਈ ਉਡਾਣ ਭਰਨ ਵਾਲੇ ਅੰਤਰਰਾਸ਼ਟਰੀ ਯਾਤਰੀ ਸਿੱਧੇ ਤੌਰ ‘ਤੇ ਇਸਦਾ ਲਾਭ ਲੈਣਗੇ।” ਇਹ ਇਕ ਆਧੁਨਿਕ, ਬਿਨਾਂ ਸੰਪਰਕ ਵਾਲੀ ਬਾਇਓਮੈਟਰਿਕ ਅਤੇ ਚਿਹਰਾ ਪਹਿਚਾਣ ਕਰਨ ਵਾਲੀ ਪ੍ਰਣਾਲੀ ਹੈ, ਜੋ ਭਾਰਤ ਦੇ ਕਈ ਹਵਾਈ ਅੱਡਿਆਂ ‘ਤੇ ਸਫਲਤਾਪੂਰਵਕ ਸ਼ੁਰੂ ਕੀਤੀ ਜਾ ਚੁੱਕੀ ਹੈ।