ਨਹੀਂ ਰਹੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਜਾਰਜਿਓ ਅਰਮਾਨੀ

ਨਹੀਂ ਰਹੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਜਾਰਜਿਓ ਅਰਮਾਨੀ 

ਫੈਸ਼ਨ ਇੰਡਸਟਰੀ ਦਾ ਸਭ ਤੋਂ ਚਮਕਦਾ ਤਾਰਾ ਹੁਣ ਬੁੱਝ ਗਿਆ ਹੈ। ਇਟਲੀ ਦੇ ਪ੍ਰਸਿੱਧ ਡਿਜ਼ਾਈਨਰ ਅਤੇ ਮਸ਼ਹੂਰ ਬ੍ਰਾਂਡ Armani ਦੇ ਸੰਸਥਾਪਕ, ਜਾਰਜਿਓ ਅਰਮਾਨੀ, ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਗਲੋਬਲ ਫੈਸ਼ਨ ਦੁਨੀਆ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਦੁਨੀਆ ਭਰ ਵਿੱਚ Armani ਨੂੰ ਇੱਕ ਲਗਜ਼ਰੀ ਸਿੰਬਲ ਵਜੋਂ ਮੰਨਿਆ ਜਾਂਦਾ ਹੈ। ਅਰਮਾਨੀ ਦੀ ਸੋਚ, ਕਲਾ ਅਤੇ ਮਿਹਨਤ ਨੇ ਉਸਨੂੰ ਇਹ ਦਰਜਾ ਦਿੱਤਾ, ਪਰ ਹੁਣ ਉਹ ਆਪ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਦੇ ਦਿਹਾਂਤ ਨਾਲ ਇਹ ਸਵਾਲ ਵੀ ਚਰਚਾ ਵਿੱਚ ਹੈ ਕਿ ਲਗਭਗ 12.1 ਬਿਲੀਅਨ ਡਾਲਰ ਦੇ ਸਾਮਰਾਜ ਦਾ ਭਵਿੱਖ ਕਿਵੇਂ ਨਿਰਧਾਰਿਤ ਹੋਵੇਗਾ।

ਡਾਕਟਰੀ ਤੋਂ ਫੈਸ਼ਨ ਤੱਕ ਦਾ ਸਫ਼ਰ
ਅਰਮਾਨੀ ਨੇ ਕਰੀਅਰ ਦੀ ਸ਼ੁਰੂਆਤ ਮੈਡੀਕਲ ਕਾਲਜ ਤੋਂ ਕੀਤੀ ਪਰ ਜਲਦੀ ਹੀ ਉਹਨਾਂ ਨੂੰ ਇਹ ਰਾਹ ਪਸੰਦ ਨਾ ਆਇਆ। ਪੜ੍ਹਾਈ ਛੱਡਣ ਤੋਂ ਬਾਅਦ ਉਹ ਇਟਲੀ ਦੀ ਫੌਜ ਵਿੱਚ ਕੁਝ ਸਮਾਂ ਰਹੇ। ਬਾਅਦ ਵਿੱਚ ਮਿਲਾਨ ਦੇ ਇੱਕ ਵੱਡੇ ਡਿਪਾਰਟਮੈਂਟ ਸਟੋਰ Le Rinascente ਵਿੱਚ ਵਿੰਡੋ ਡਿਸਪਲੇ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਥੇ ਤੋਂ ਉਹਨਾਂ ਦਾ ਫੈਸ਼ਨ ਲਈ ਪਿਆਰ ਅਤੇ ਦਿਲਚਸਪੀ ਵਧਦੀ ਗਈ।

 

ਹਾਲੀਵੁੱਡ ਨਾਲ ਵੱਡੀ ਪਛਾਣ

1980 ਵਿੱਚ ਰਿਲੀਜ਼ ਹੋਈ ਹਾਲੀਵੁੱਡ ਫਿਲਮ American Gigolo ਵਿੱਚ ਰਿਚਰਡ ਗੇਅਰ ਨੇ ਅਰਮਾਨੀ ਦਾ ਡਿਜ਼ਾਈਨ ਕੀਤਾ ਸੂਟ ਪਹਿਨਿਆ। ਇਹ ਮੋੜ ਅਰਮਾਨੀ ਬ੍ਰਾਂਡ ਨੂੰ ਗਲੋਬਲ ਪੱਧਰ ‘ਤੇ ਲੈ ਗਿਆ। ਉਸ ਤੋਂ ਬਾਅਦ ਅਰਮਾਨੀ ਹਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਬਿਜ਼ਨਸ ਦੀ ਦੁਨੀਆ ਦੇ ਉੱਚ ਪੱਧਰੀ ਗ੍ਰਾਹਕਾਂ ਤੱਕ ਸਭ ਦਾ ਮਨਪਸੰਦ ਬਣ ਗਏ।

 

ਬ੍ਰਾਂਡ ਦੀ ਹੱਦਾਂ ਤੋਂ ਪਰੇ

ਅਰਮਾਨੀ ਨੇ ਆਪਣੀ ਕੰਪਨੀ ਨੂੰ ਸਿਰਫ਼ ਕੱਪੜਿਆਂ ਤੱਕ ਸੀਮਿਤ ਨਹੀਂ ਰੱਖਿਆ। ਬ੍ਰਾਂਡ ਨੇ ਸਪੋਰਟਸਵੇਅਰ, ਖੁਸ਼ਬੂਆਂ, ਮਿਊਜ਼ਿਕ, ਰੀਅਲ ਐਸਟੇਟ ਅਤੇ ਲਗਜ਼ਰੀ ਹੋਟਲਾਂ ਤੱਕ ਵੱਡਾ ਫੈਲਾਅ ਕੀਤਾ। ਉਹਨਾਂ ਨੇ ਇਟਲੀ ਦੀ ਮਸ਼ਹੂਰ ਬਾਸਕਟਬਾਲ ਟੀਮ ਓਲੰਪੀਆ ਮਿਲਾਨੋ ਵੀ ਖਰੀਦੀ ਸੀ।

 

ਵਿਰਾਸਤ ਅਤੇ ਉਤਰਾਧਿਕਾਰੀ

ਜਾਰਜਿਓ ਅਰਮਾਨੀ ਦੀ ਕੋਈ ਆਪਣੀ ਸੰਤਾਨ ਨਹੀਂ ਸੀ, ਪਰ ਉਹ ਆਪਣੀ ਭਤੀਜੀ ਰੋਬਰਟਾ ਅਰਮਾਨੀ ਦੇ ਨੇੜੇ ਰਹਿੰਦੇ ਸਨ। ਰੋਬਰਟਾ ਨੇ ਫਿਲਮਾਂ ਵਿੱਚ ਕਰੀਅਰ ਚੁਣਿਆ ਪਰ ਉਹ ਫਿਰ ਵੀ ਬ੍ਰਾਂਡ ਐਮਬੈਸਡਰ ਅਤੇ ਕੁਝ ਮਹੱਤਵਪੂਰਨ ਮਾਮਲਿਆਂ ਵਿੱਚ ਕੰਪਨੀ ਨਾਲ ਜੁੜੀ ਰਹੀ। 2016 ਵਿੱਚ, ਅਰਮਾਨੀ ਨੇ Giorgio Armani Foundation ਦੀ ਸਥਾਪਨਾ ਕੀਤੀ, ਤਾਂ ਜੋ ਕੰਪਨੀ ਪਰਿਵਾਰਕ ਨਿਯੰਤਰਣ ਹੇਠ ਰਹੇ ਅਤੇ ਆਪਣੀ ਆਜ਼ਾਦੀ ਕਾਇਮ ਰੱਖ ਸਕੇ।

ਫੈਸ਼ਨ ਦੀ ਦੁਨੀਆ ‘ਚ ਇੱਕ ਯੁੱਗ ਦਾ ਅੰਤ
ਅਰਮਾਨੀ ਨੇ ਫੈਸ਼ਨ ਨੂੰ ਸਾਦਗੀ ਨਾਲ ਜੋੜ ਕੇ ਉਸਨੂੰ ਨਵੀਂ ਪਰਿਭਾਸ਼ਾ ਦਿੱਤੀ। ਉਹਨਾਂ ਦੇ ਡਿਜ਼ਾਈਨ ਸਾਦੇ ਹੋ ਕੇ ਵੀ ਸ਼ਾਨ ਅਤੇ ਕਲਾਸ ਦਾ ਪ੍ਰਤੀਕ ਰਹੇ। ਅਰਮਾਨੀ ਸਿਰਫ਼ ਇੱਕ ਡਿਜ਼ਾਈਨਰ ਨਹੀਂ ਸਨ, ਸਗੋਂ ਪੂਰੇ ਯੁੱਗ ਦੀ ਪਛਾਣ ਸਨ। ਉਹਨਾਂ ਦਾ ਦਿਹਾਂਤ ਫੈਸ਼ਨ ਜਗਤ ਲਈ ਇੱਕ ਵੱਡਾ ਘਾਟਾ ਹੈ, ਪਰ ਉਹਨਾਂ ਦੀ ਬਣਾਈ ਵਿਰਾਸਤ ਹਮੇਸ਼ਾ ਯਾਦ ਰਹੇਗੀ।

Ads

4
4

Share this post